Chandigarh Railway Station News: ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਪੁਨਰ ਵਿਕਾਸ ਕਾਰਜਾਂ ਦੇ ਚੱਲਦਿਆਂ ਯਾਤਰੀਆਂ ਨੂੰ ਆਉਣ ਵਾਲੇ ਦਿਨਾਂ ਵਿੱਚ ਕੁਝ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਟੇਸ਼ਨ ਦੇ ਪਲੇਟਫਾਰਮ ਨੰਬਰ 1 ਅਤੇ 2 ਨੂੰ ਸ਼ੁੱਕਰਵਾਰ ਤੋਂ 15 ਅਕਤੂਬਰ ਤੱਕ ਬੰਦ ਰੱਖਿਆ ਜਾਵੇਗਾ। ਇਸ ਦੌਰਾਨ ਇਨ੍ਹਾਂ ਪਲੇਟਫਾਰਮਾਂ ’ਤੇ ਆਉਣ ਵਾਲੀਆਂ ਟ੍ਰੇਨਾਂ ਨੂੰ ਸਟੇਸ਼ਨ ਦੇ ਹੋਰ ਪਲੇਟਫਾਰਮਾਂ ’ਤੇ ਸ਼ਿਫਟ ਕੀਤਾ ਜਾਵੇਗਾ।
ਇਸ ਬਦਲਾਅ ਦਾ ਅਸਰ ਵੰਦੇ ਭਾਰਤ ਐਕਸਪ੍ਰੈਸ ਅਤੇ ਸ਼ਤਾਬਦੀ ਐਕਸਪ੍ਰੈਸ ਸਮੇਤ ਕਈ ਟ੍ਰੇਨਾਂ ਦੀ ਆਵਾਜਾਈ ’ਤੇ ਪੈ ਸਕਦਾ ਹੈ। ਰੇਲਵੇ ਵੱਲੋਂ ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਟ੍ਰੇਨ ਵਿੱਚ ਸਵਾਰ ਹੋਣ ਤੋਂ ਪਹਿਲਾਂ ਆਪਣੇ ਟ੍ਰੇਨ ਦੇ ਪਲੇਟਫਾਰਮ ਦੀ ਜਾਣਕਾਰੀ ਜ਼ਰੂਰ ਜਾਂਚ ਲੈਣ। ਆਖਰੀ ਸਮੇਂ ’ਤੇ ਪਲੇਟਫਾਰਮ ਬਦਲਣ ਕਾਰਨ ਯਾਤਰੀਆਂ ਨੂੰ ਪਰੇਸ਼ਾਨੀ ਤੋਂ ਬਚਣ ਲਈ ਸਮੇਂ ਤੋਂ ਪਹਿਲਾਂ ਸਟੇਸ਼ਨ ਪਹੁੰਚਣ ਦੀ ਵੀ ਸਲਾਹ ਦਿੱਤੀ ਗਈ ਹੈ।
ਰੇਲਵੇ ਲੈਂਡ ਡਿਵੈਲਪਮੈਂਟ ਅਥਾਰਟੀ (RLDA) ਵੱਲੋਂ ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਅੱਪਗ੍ਰੇਡ ਅਤੇ ਪੁਨਰ ਵਿਕਾਸ ਲਈ ਪੜਾਅਵਾਰ ਪਾਵਰ ਅਤੇ ਟ੍ਰੈਫਿਕ ਬਲਾਕ ਲਾਗੂ ਕੀਤੇ ਜਾ ਰਹੇ ਹਨ। ਇਸ ਤਹਿਤ ਪਹਿਲਾਂ 10 ਸਤੰਬਰ ਤੋਂ 21 ਸਤੰਬਰ ਤੱਕ ਪਲੇਟਫਾਰਮ ਨੰਬਰ 5 ਅਤੇ 6 ’ਤੇ ਕੰਮ ਕੀਤਾ ਗਿਆ। ਇਸ ਤੋਂ ਬਾਅਦ 22 ਸਤੰਬਰ ਤੋਂ 3 ਅਕਤੂਬਰ ਤੱਕ ਪਲੇਟਫਾਰਮ 3 ਅਤੇ 4 ’ਤੇ ਨਿਰਮਾਣ ਕਾਰਜ ਚੱਲਿਆ।
ਹੁਣ 4 ਅਕਤੂਬਰ ਤੋਂ 15 ਅਕਤੂਬਰ ਤੱਕ ਪਲੇਟਫਾਰਮ 1 ਅਤੇ 2 ’ਤੇ ਕੰਮ ਕੀਤਾ ਜਾਵੇਗਾ। ਇਸ ਦੌਰਾਨ ਮੌਜੂਦਾ ਫੁੱਟ ਓਵਰਬ੍ਰਿਜ (FOB) ਨਾਲ ਸਬੰਧਤ ਬੈਲੇਂਸ ਗਰਡਰਾਂ ਦੀ ਤਿਆਰੀ ਅਤੇ ਲਾਂਚਿੰਗ ਸਮੇਤ ਗਰਡਰਾਂ ਨੂੰ ਹਟਾਉਣ ਦਾ ਕੰਮ ਕੀਤਾ ਜਾਣਾ ਹੈ। ਇਸ ਲਈ TFC-OHE ਬਲਾਕ ਲਗਾਇਆ ਜਾਵੇਗਾ।
ਇਸ ਮਿਆਦ ਦੌਰਾਨ ਟ੍ਰੇਨਾਂ ਦਾ ਸੰਚਾਲਨ ਮੁੱਖ ਤੌਰ ’ਤੇ ਪਲੇਟਫਾਰਮ 3, 4, 5 ਅਤੇ 6 ਤੋਂ ਕੀਤਾ ਜਾਵੇਗਾ। ਰੇਲਵੇ ਅਨੁਸਾਰ ਨਿਰਮਾਣ ਕਾਰਜਾਂ ਕਾਰਨ ਕੁਝ ਟ੍ਰੇਨਾਂ ਦੇ ਪਲੇਟਫਾਰਮ ਬਦਲੇ ਜਾਣਗੇ। ਇਸ ਤੋਂ ਇਲਾਵਾ ਕੁਝ ਟ੍ਰੇਨਾਂ ਨੂੰ ਰੱਦ ਕਰਨ ਜਾਂ ਉਨ੍ਹਾਂ ਨੂੰ ਮੰਜ਼ਿਲ ਤੋਂ ਪਹਿਲਾਂ ਹੀ ਖਤਮ ਕਰਨ ਦਾ ਫੈਸਲਾ ਵੀ ਲਿਆ ਗਿਆ ਹੈ।
12 ਟ੍ਰੇਨਾਂ ਦੀਆਂ ਸੇਵਾਵਾਂ ਪ੍ਰਭਾਵਿਤ
ਬਲਾਕ ਕਾਰਨ 12 ਟ੍ਰੇਨਾਂ ਨੂੰ 10 ਸਤੰਬਰ ਤੋਂ 15 ਅਕਤੂਬਰ ਦਰਮਿਆਨ ਵੱਖ-ਵੱਖ ਮਿਤੀਆਂ ’ਤੇ ਰੱਦ ਕੀਤਾ ਗਿਆ ਹੈ। ਇਨ੍ਹਾਂ ਵਿੱਚ 14331/14332, 54532/54531, 14541/14542, 14630/14629, 74646/74991 ਅਤੇ 74992/74645 ਸਮੇਤ ਹੋਰ ਟ੍ਰੇਨਾਂ ਸ਼ਾਮਲ ਹਨ। ਇਨ੍ਹਾਂ ਰੱਦੀਆਂ ਸੇਵਾਵਾਂ ਨਾਲ ਕੁੱਲ 442 ਟ੍ਰਿਪ ਪ੍ਰਭਾਵਿਤ ਹੋਣਗੇ।
ਇਸ ਤੋਂ ਇਲਾਵਾ ਕੁਝ ਟ੍ਰੇਨਾਂ ਨੂੰ ਚੰਡੀਗੜ੍ਹ ਪਹੁੰਚਣ ਤੋਂ ਪਹਿਲਾਂ ਹੀ ਖਤਮ ਕੀਤਾ ਜਾਵੇਗਾ। 15063/15064 (RMR-CDG) ਦੀਆਂ ਕੁਝ ਯਾਤਰਾਵਾਂ ਅੰਬਾਲਾ ਤੋਂ ਸ਼ੁਰੂ ਜਾਂ ਉੱਥੇ ਹੀ ਖਤਮ ਹੋਣਗੀਆਂ। ਇਸੇ ਤਰ੍ਹਾਂ 12983/12984 (AII-CDG) ਅਤੇ 20989/20990 (UDZ-CDG) ਦੀਆਂ ਕੁਝ ਯਾਤਰਾਵਾਂ ਦੇ ਰੂਟ ਵਿੱਚ ਵੀ ਬਦਲਾਅ ਕੀਤਾ ਗਿਆ ਹੈ। ਇਨ੍ਹਾਂ ਟ੍ਰੇਨਾਂ ਦੇ ਕੁਝ ਟ੍ਰਿਪ ਚੰਡੀਗੜ੍ਹ ਦੀ ਬਜਾਏ ਅੰਬਾਲਾ ਵਿੱਚ ਖਤਮ ਹੋਣਗੇ।
ਰੇਲਵੇ ਵੱਲੋਂ ਯਾਤਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਯਾਤਰਾ ਤੋਂ ਪਹਿਲਾਂ ਆਪਣੀ ਟ੍ਰੇਨ ਦੇ ਸਮੇਂ, ਰੂਟ ਅਤੇ ਪਲੇਟਫਾਰਮ ਨਾਲ ਸਬੰਧਤ ਤਾਜ਼ਾ ਜਾਣਕਾਰੀ ਜ਼ਰੂਰ ਜਾਂਚਣ।